ਮੰਜੇ ਤੇ ਬੈਠੇ – Sitting on the bed 

ਮੰਜੇ ਤੇ ਬੈਠੇ  

ਬਾਹਰ ਸ਼ੀਸ਼ੇ ਤੋਂ ਵੇਖਦਿਆਂ  

ਸੁੱਭਾ ਦੀ ਚੁੱਪ — ਥੰਮੀ ਰਾਤ ਪਈ ਹੈ  

ਸੜਕਾਂ ਦੀਆਂ ਲਾਈਟਾਂ  

ਸਿਆਲ ਦੀ ਬਰਫ਼  

ਘਰਾਂ ਤੇ ਗੱਡੀਆਂ ਨੂੰ  

ਛਿਮ ਛਿਮ ਚਮਕਾਉਂਦੀਆਂ  

ਪਰ ਮੇਰੇ ਖ਼ਿਆਲ, ਰੱਬਾ,  

ਤੇਰੀ ਸੋਚ ‘ਚ ਡੁੱਬੇ ਹਨ  

ਤੇਰੀ ਕੁਦਰਤ ‘ਚ  

ਝੁੱਬੇ ਹੋਏ ਹਨ  

ਵਾਹਿਗੁਰੂ, ਤੂੰ ਹੈਂ ਜਾਦੂਘਰ —  

ਹਰ ਰੋਜ਼ ਵੇਖਣ ਨੂੰ  

ਕੁਝ ਹੋਰ ਹੀ ਮਿਲਦਾ  

ਕਦੇ ਹਵਾਵਾਂ  

ਜ਼ੋਰ ਨਾਲ ਵੱਗਦੀਆਂ  

ਕਦੇ ਬਰਫ਼  

ਉੱਡ ਉੱਡ ਕੇ ਨੱਚ ਟੱਪਦੀ  

ਕਦੇ ਤਾਰੇ, ਜਹਾਜ਼  

ਦੂਰੋਂ ਟਿਮ ਟਿਮ ਕਰਦੇ  

ਕਦੇ ਸਹਿਆ ਸੜਕ ਵਿਚ  

ਚੌਕੰਨਾ ਖੜ੍ਹਾ  

ਕੋਈ ਗੱਡੀਆਂ ‘ਚ ਲੰਘਦੇ  

ਕੰਮਾਂ ਨੂੰ ਜਾਂਦੇ  

ਕਈ ਬੱਸਾਂ ‘ਚ ਬੱਚੇ  

ਸਕੂਲ ਲਈ ਚੜ੍ਹਦੇ  

ਤੇ ਕਈ ਕਾਂ, ਕਬੂਤਰ,  

ਬੱਤਖ, ਗੀਸ ਉੱਡਦੇ  

ਆਵਾਜ਼ਾਂ ਮਾਰਦੇ  

ਇਹ ਸਭ ਤੇਰਾ  

ਇਕ ਘੰਟੇ ਦਾ ਖੇਡ ਹੈ  

ਜੋ ਮੇਰੇ ਸਾਹਮਣੇ ਵੱਗੇ  

ਪਰ ਤੂੰ ਹੈਂ  

ਬ੍ਰਹਿਮੰਡ ਦਾ ਮਾਲਕ  

ਤੇਰੀ ਪਹੁੰਚ ਦਾ  

ਕੋਈ ਅੰਤ ਨਹੀਂ  

ਮੈਂ ਆਪਣੇ ਸ਼ਹਿਰ ਬਾਰੇ  

ਕੁਝ ਵੀ ਨਹੀਂ ਜਾਣਦਾ  

ਤੇਰੀ ਕੀਮਤ ਕਿਵੇਂ ਜਾਣੇਗਾਂ  

ਤੇਰਾ ਰਾਜ ਕਿਵੇਂ ਪਛਾਣੇਗਾਂ  

ਤੇਰੀ ਸ਼ਕਤੀ ਕਿਵੇਂ ਸਮਝੇਗਾਂ  

ਤੇਰੀ ਕਿਰਪਾ  

ਮੈਂ ਕਿਵੇਂ ਪਾਵੇਗਾਂ  

ਇਹ ਮੋਟੇ ਮਨ ‘ਚ  

ਕਿਵੇਂ ਸਮਾਉਂਵੇਗਾਂ  

ਬੇਅੰਤ ਬੇਅੰਤ ਦੇ ਗੁਣਾਂ ਨੂੰ  

ਮੈਂ ਕਿਵੇਂ ਗਾਵੇਗਾਂ?

ਤੇਰਾ ਨਾਮ ਲੈਂਦਾ ਲੈਂਦਾ  

ਵਾਹਿਗੁਰੂ  

ਵਾਹਿਗੁਰੂ  

ਵਾਹਿਗੁਰੂ  

ਮੈਂ ਖਾਮੋਸ਼ ਹੋ ਜਾਂਦਾ ਹਾਂ  

ਤੇਰੀ ਬਾਣੀ ਪੜ੍ਹਦਿਆਂ  

ਮੇਰੇ ਮਨ ਨੂੰ  

ਤੇਰੀ ਝਲਕ ਪੈਂਦੀ  

ਚੈਨ ਆਉਂਦਿਆ  

ਮੇਰਾ ਮਨ ਚਾਹੁੰਦਾ  

ਕਿ ਤੇਰੇ ਗੁਣ ਗਾਉਂਦਾ ਰਹਾਂ  

ਮੇਰੇ ਰੱਬਾ  

ਮੇਰੇ ਬੇਚੈਨ ਦਿਲ ਨੂੰ  

ਤੁਸੀਂ ਸਮਝਾਈਏ  

ਆਪਣੀ ਅਨੰਦਤ  

ਰਸਮਈ ਅੰਮ੍ਰਿਤ  

ਦਿਲ ਨੂੰ ਤੁਸੀਂ ਪਲਾਈਏ

Return to Works to Continue Reading